Bible Languages

Indian Language Bible Word Collections

Bible Versions

Books

Jeremiah Chapters

Bible Versions

Books

Jeremiah Chapters

1 ਹਿਲਕੀਯਾਹ ਦੇ ਪੁੱਤ੍ਰ ਯਿਰਮਿਯਾਹ ਦੀਆਂ ਬਾਣੀਆਂ ਜਿਹੜਾ ਬਿਨਯਾਮੀਨ ਦੇ ਦੇਸ ਵਿੱਚ ਅਨਾਥੋਥ ਦੇ ਜਾਜਕਾਂ ਵਿੱਚੋਂ ਸੀ
2 ਜਿਹ ਦੇ ਕੋਲ ਯਹੋਵਾਹ ਦਾ ਬਚਨ ਆਮੋਨ ਦੇ ਪੁੱਤ੍ਰ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਦਿਨਾਂ ਵਿੱਚ ਉਹ ਦੀ ਪਾਤਸ਼ਾਹੀ ਦੇ ਤੇਰ੍ਹਵੇਂ ਵਰ੍ਹੇ ਵਿੱਚ ਆਇਆ
3 ਏਹ ਯੋਸ਼ੀਯਾਹ ਦੇ ਪੁੱਤ੍ਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਦਿਨਾਂ ਵਿੱਚ ਵੀ ਯੋਸ਼ੀਯਾਹ ਦੇ ਪੁੱਤ੍ਰ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੇ ਗਿਆਰਵੇਂ ਵਰ੍ਹੇ ਦੇ ਛੇਕੜ ਤੀਕ ਯਰੂਸ਼ਲਮ ਦੀ ਅਸੀਰੀ ਤੀਕ ਜੋ ਪੰਜਵੇਂ ਮਹੀਨੇ ਵਿੱਚ ਸੀ ਆਉਂਦਾ ਰਿਹਾ
4 ਤਾਂ ਯਹੋਵਾਹ ਦਾ ਬਚਨ ਏਹ ਆਖ ਕੇ ਮੇਰੇ ਕੋਲ ਆਇਆ, -
5 ਏਹ ਤੋਂ ਪਹਿਲਾਂ ਕਿ ਮੈਂ ਤੈਨੂੰ ਢਿੱਡ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸਾਂ, ਏਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਮਿਥਿਆ।
6 ਤਾਂ ਮੈਂ ਆਖਿਆ, ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।
7 ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਂਗਾ।
8 ਓਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।
9 ਤਾਂ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੋਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ, ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ,
10 ਵੇਖ, ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਥਾਪਿਆ ਹੈ, ਕਿ ਤੂੰ ਪੁੱਟੇਂ ਤੇ ਢਾਵੇਂ, ਨਾਸ ਕਰੇਂ ਤੇ ਡੇਗੇਂ, ਬਣਾਵੇਂ ਤੇ ਲਾਵੇਂ।।
11 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ਯਿਰਮਿਯਾਹ, ਤੂੰ ਕੀ ਵੇਖਦਾ ਹੈਂ? ਮੈਂ ਆਖਿਆ, ਮੈਂ ਬਦਾਮ ਦੇ ਬਿਰਛ ਦਾ ਇੱਕ ਡੰਡਾ ਵੇਖਦਾ ਹਾਂ
12 ਤਾਂ ਯਹੋਵਾਹ ਨੇ ਮੈਨੂੰ ਆਖਿਆ, ਤੈਂ ਚੰਗਾ ਵੇਖਿਆ! ਮੈਂ ਆਪਣੇ ਬਚਨ ਦੇ ਪੂਰਾ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ
13 ਯਹੋਵਾਹ ਦਾ ਬਚਨ ਏਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਵੇਖਦਾ ਹੈਂ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਵੇਖਦਾ ਹਾਂ? ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ
14 ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਤਰ ਵੱਲੋਂ ਇਸ ਦੇਸ ਦੇ ਸਾਰੇ ਵਾਸੀਆਂ ਉੱਤੇ ਬੁਰਿਆਈ ਫੁੱਟ ਪਵੇਗੀ
15 ਵੇਖ, ਮੈਂ ਉੱਤਰ ਵੱਲ ਦੀਆਂ ਪਾਤਸ਼ਾਹੀਆਂ ਦੇ ਸਾਰੇ ਟੱਬਰਾਂ ਨੂੰ ਸੱਦ ਰਿਹਾ ਹਾਂ, ਯਹੋਵਾਹ ਦਾ ਵਾਕ ਹੈ। ਓਹ ਆਉਣਗੇ ਅਤੇ ਹਰੇਕ ਆਪਣਾ ਸਿੰਘਾਸਣ ਯਰੂਸ਼ਲਮ ਦੇ ਫਾਟਕਾਂ ਦੇ ਲਾਂਘੇ ਉੱਤੇ ਅਤੇ ਉਹ ਦੀਆਂ ਕੰਧਾਂ ਦੇ ਆਲੇ ਦੁਆਲੇ ਅਤੇ ਯਹੂਦਾਹਦੇ ਸਾਰੇ ਸ਼ਹਿਰਾਂ ਉੱਤੇ ਰੱਖੇਗਾ
16 ਮੈਂ ਓਹਨਾਂ ਦੀਆਂ ਸਾਰੀਆਂ ਬੁਰਿਆਈਆਂ ਦੇ ਕਾਰਨ ਓਹਨਾਂ ਉੱਤੇ ਨਿਆਉਂ ਕਰਾਂਗਾ ਕਿਉਂਕਿ ਓਹਨਾਂ ਮੈਨੂੰ ਤਿਆਗ ਦਿੱਤਾ ਅਤੇ ਦੂਜਿਆਂ ਦਿਓਤਿਆਂ ਦੇ ਲਈ ਧੂਪ ਧੁਖਾਈ ਅਤੇ ਆਪਣੇ ਹੱਥਾਂ ਦੇ ਕੰਮਾਂ ਨੂੰ ਮੱਥਾ ਟੇਕਿਆ
17 ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾਹ! ਓਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਓਹਨਾਂ ਨੂੰ ਆਖ, ਓਹਨਾਂ ਦੇ ਅੱਗੋਂ ਨਾ ਘਾਬਰ ਮਤੇ ਮੈਂ ਤੈਨੂੰ ਓਹਨਾਂ ਦੇ ਅੱਗੇ ਘਬਰਾ ਦਿਆਂ
18 ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਪਾਤਸ਼ਾਹਾਂ, ਉਹ ਦੇ ਸਰਦਾਰਾਂ, ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹੇ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ
19 ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।।
×

Alert

×